ਡਾ. ਸਾਹਿਬ ਸਿੰਘ ਦੇ ਨਾਟਕ ‘ਲੱਛੂ ਕਬਾੜੀਆ’ ਨੇ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜਿਆ

ਸਰੀ, 24 ਜੁਲਾਈ (ਹਰਦਮ ਮਾਨ)-ਪੰਜਾਬੀ ਰੰਗਮੰਚ ਦੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਨਾਰਥ ਡੈਲਟਾ ਦੇ ਸੈਕੰਡਰੀ ਸਕੂਲ ਵਿਚ ਪੇਸ਼ ਕੀਤਾ ਗਿਆ ਨਾਟਕ ‘ਲੱਛੂ ਕਬਾੜੀਆ’ ਮਨੁੱਖੀ ਮਨਾਂ ਨੂੰ ਬੁਰੀ ਤਰ੍ਹਾਂ ਝੰਜੋੜ ਗਿਆ। ਰਾਜਨੀਤਕ ਆਗੂਆਂ ਦੀਆਂ ਚਾਲਾਂ, ਧਾਰਮਿਕ ਪੰਖਡੀਆਂ ਦੇ ਕਿਰਦਾਰ, ਜਾਤ-ਪਾਤ ਦੇ ਕੋਹੜ, ਊਚ-ਨੀਚ ਦੇ ਵਰਤਾਰੇ ਅਤੇ ਨਿਮਨ ਵਰਗ ਦੇ ਲੋਕਾਂ ਦੇ ਸ਼ੋਸ਼ਣ ਨੂੰ ਡਾ. ਸਾਹਿਬ ਸਿੰਘ ਨੇ ਆਪਣੀ ਨਾਟਕ ਕਲਾ ਦੀ ਜੁਗਤ ਰਾਹੀਂ ਅਜਿਹਾ ਦ੍ਰਿਸ਼ਟਮਾਨ ਕੀਤਾ ਕਿ ਖਚਾਖਚ ਭਰੇ ਹਾਲ ਵਿਚ ਬੈਠੇ ਸੈਂਕੜੇ ਦਰਸ਼ਕਾਂ ਦੀਆਂ ਅੱਖਾਂ ਛਲਕਣੋਂ ਨਾ ਰਹਿ ਸਕੀਆਂ। ਅਨੇਕਾਂ ਸਮਾਜਿਕ ਕੁਰੀਤੀਆਂ ਦਾ ਪਰਦਾਫਾਸ਼ ਕਰਨ, ਇਨ੍ਹਾਂ ਦੇ ਪਿਛੋਕੜ ਨੂੰ ਸਮਝਣ ਅਤੇ ਬੇਗਮਪੁਰੇ ਦਾ ਸੰਸਾਰ ਵਸਾਉਣ ਦਾ ਸੁਨੇਹਾ ਦਿੰਦਾ ਹੋਇਆ ਇਹ ਨਾਟਕ ਲੋਕ-ਮਨਾਂ ‘ਤੇ ਗਹਿਰਾ ਪ੍ਰਭਾਵ ਛੱਡ ਗਿਆ। ਨਾਟਕਕਾਰ, ਰੰਗਕਰਮੀ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਵੱਲੋਂ ਹਰ ਇਕ ਗ਼ਲਤ ਵਰਤਾਰੇ ਉੱਪਰ ਕੀਤੀ ਕਰਾਰੀ ਚੋਟ ਨੂੰ ਦਰਸ਼ਕਾਂ ਨੇ ਭਰਪੂਰ ਤਾੜੀਆਂ ਨਾਲ ਹੁੰਗਾਰਾ ਦਿੱਤਾ।

ਇਸ ਨਾਟਕ ਦਾ ਪ੍ਰਬੰਧ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਕੀਤਾ ਗਿਆ। ਪ੍ਰੋਗਰਾਮ ਦੇ ਆਗਾਜ਼ ਵਿਚ ਐਸੋਸੀਏਸ਼ਨ ਦੇ ਬੁਲਾਰੇ ਜੈ ਵਿਰਦੀ ਨੇ ਤਮਾਮ ਦਰਸ਼ਕਾਂ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਵਜੋਤ ਢਿੱਲੋਂ ਨੇ ਡਾ. ਸਾਹਿਬ ਸਿੰਘ ਵੱਲੋਂ ਪਹਿਲਾਂ ਪੇਸ਼ ਕੀਤੇ ਜਾ ਚੁੱਕੇ ਨਾਟਕ ‘ਧੰਨ ਲਿਖਾਰੀ ਨਾਨਕਾ’ ਅਤੇ ‘ਸੰਮਾਂ ਵਾਲੀ ਡਾਂਗ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਨਾਟਕ ਵੀ ਇਨ੍ਹਾਂ ਦੋਹਾਂ ਨਾਟਕਾਂ ਵਾਂਗ ਦਰਸ਼ਕਾਂ ਦੇ ਸੁਹਜ ਦੀ ਪੂਰਤੀ ਦੇ ਨਾਲ ਨਾਲ ਸਮਾਜਿਕ ਚੇਤਨਾ ਫੈਲਾਉਣ ਦਾ ਕਾਰਜ ਕਰੇਗਾ। ਜੈਤਿਕਾ ਡਸੂਜਾ ਨੇ ਕਬੀਰ ਦੇ ਦੋਹਿਆਂ ਰਾਹੀਂ ਜਾਤ-ਪਾਤ ਦੇ ਕੋਹਝ ਨੂੰ ਨੰਗਿਆਂ ਕੀਤਾ।

ਨਾਟਕ ਦੀ ਸਮਾਪਤੀ ਉਪਰੰਤ ਬੀਸੀ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ, ਐਮ.ਐਲ.ਏ. ਜਿੰਨੀ ਸਿਮਜ਼, ਨਾਟਕ ਅਤੇ ਫਿਲਮਾਂ ਦੇ ਨਾਮਵਰ ਕਲਾਕਾਰ ਰਾਣਾ ਰਣਬੀਰ ਨੇ ਇਕ ਬਹੁਤ ਹੀ ਸੰਵੇਦਨਸ਼ੀਲ ਨਾਟਕ ਦੀ ਖੂਬਸੂਰਤ ਪੇਸ਼ਕਾਰੀ ਲਈ ਡਾ. ਸਾਹਿਬ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਚੇਤਨਾ ਐਸੋਸੀਏਸ਼ਨ ਆਫ ਕੈਨੇਡਾ ਵੱਲੋਂ ਡਾ. ਸਾਹਿਬ ਦਾ ਸਨਮਾਨ ਕਰਨ ਦੇ ਨਾਲ ਨਾਲ ਵਾਤਾਵਰਣ ਪ੍ਰਤੀ ਸ਼ਲਾਘਾਯੋਗ ਕਾਰਜ ਕਰ ਰਹੀ ਅਰਵਿੰਦਰ ਕੌਰ ਅਤੇ ਨਾਟਕਾਂ ਤੇ ਛੋਟੀਆਂ ਕਲਾ ਫਿਲਮਾਂ ਰਾਹੀਂ ਸਮਾਜਿਕ ਚੇਤਨਾ ਨੂੰ ਹਲੂਣਾ ਦੇਣ ਵਾਲੇ ਸਰੀ ਦੇ ਪ੍ਰਸਿੱਧ ਆਰਟਿਸਟ ਗੁਰਦੀਪ ਭੁੱਲਰ ਨੂੰ ਵੀ ਸਨਮਾਨਿਤ ਕੀਤਾ ਗਿਆ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Related Articles

LEAVE A REPLY

Please enter your comment!
Please enter your name here

Stay Connected

400FansLike
0FollowersFollow
FollowersFollow
SubscribersSubscribe
- Advertisement -spot_img

Latest Articles